
ਨਰਾਇਣਗੜ੍ਹ ਸਕੂਲ ਦੇ ਲੈਕਚਰਾਰ ਬਲਬੀਰ ਸਿੰਘ ਮੁੱਲਾਂਪੁਰੀ ਦੇ ਸੇਵਾ ਮੁਕਤੀ ਮੌਕੇ ਦਿਤੀ ਨਿਘੀ ਵਿਦਾਇਗੀ ਪਾਰਟੀ
ਅਮਲੋਹ(ਅਜੇ ਕੁਮਾਰ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੇ ਪੰਜਾਬੀ ਦੇ ਲੈਕਚਰਾਰ ਬਲਬੀਰ ਸਿੰਘ ਮੁੱਲਾਂਪੁਰੀ ਦੇ ਸਿੱਖਿਆ ਵਿਭਾਗ ਵਿੱਚ ਕਰੀਬ 32 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਦਿਤੀ ਗਈ। ਸਕੂਲ ਇੰਚਾਰਜ ਜਸਵਿੰਦਰ ਸਿੰਘ ਗਰੇਵਾਲ ਨੇ ਸ੍ਰੀ ਮੁੱਲਾਂਪੁਰੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਉਨ੍ਹਾਂ ਵਲੋਂ ਲੰਮਾਂ ਸਮਾਂ ਇਮਾਨਦਾਰੀ ਨਾਲ ਕੀਤੀ ਸੇਵਾ ਦੀ ਸਲਾਘਾ ਕੀਤੀ। ਪ੍ਰਿੰਸ਼ੀਪਲ ਸਿਕੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਇੱਕ ਸੋਨੇ ਦੀ ਮੁੰਦਰੀ, ਸ਼ਾਲ-ਲੋਈ ਅਤੇ ਸਨਮਾਨ-ਪੱਤਰ ਦਿਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਗਮ ਵਿੱਚ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦੇ ਨਾਲ ਲੈਕਚਰਾਰ ਮੱਘਰ ਸਿੰਘ ਸਲਾਣਾ, ਰਿਟ ਡਾਇਰੈਕਟਰ ਰੋਸ਼ਨ ਲਾਲ ਸੂਦ (ਨੈਸ਼ਨਲ ਐਵਾਰਡੀ) ਅਤੇ ਨੈਸ਼ਨਲ ਐਵਾਰਡੀ ਅਮਰ ਸਿੰਘ ਬਿਲਿੰਗ ਆਦਿ ਨੇ ਵਿਚਾਰ ਪੇਸ਼ ਕੀਤੇ। ਜਿਕਰਯੋਗ ਹੈ ਕਿ ਸ੍ਰੀ ਮੁੱਲਾਂਪੁਰੀ ਉੱਘੇ ਗੀਤਕਾਰ ਹਨ ਜਿਨ੍ਹਾਂ ਦੇ ਲਿਖੇ ਗੀਤਾਂ ਨੂੰ ਨਾਮਵਰ ਗਾਇਕਾਂ ਸੁਰਜੀਤ ਖਾਨ, ਹਾਕਮ ਸੂਫੀ, ਕੰਵਰ ਗਰੇਵਾਲ, ਗੁਲਜਾਰ ਲਹੌਰੀਆਂ ਅਤੇ ਬਿੱਟੂ ਖੰਨੇਵਾਲਾ ਆਦਿ ਨੇ ਗਾਇਆ ਹੈ। ਉਨ੍ਹਾਂ ਸਿਖਿਆ ਦੇ ਨਾਲ ਨਾਲ ਜਥੇਬੰਦਕ ਸੰਘਰਸਾਂ ਵਿਚ ਵੀ ਅਹਿਮ ਭੁਮਿਕਾ ਨਿਭਾਈ ਅਤੇ ਗੌਰਮਿੰਟ ਟੀਚਰ ਯੂਨੀਅਨ ਦੇ ਬਲਾਕ ਅਮਲੋਹ ਦੇ ਪ੍ਰਧਾਨ ਵਜੋਂ ਸੇਵਾ ਕੀਤੀ। ਸਮਾਗਮ ਵਿੱਚ ਸਟੇਜ ਸਕੱਤਰ ਦੀ ਭੁਮਿਕਾ ਰਾਜੇਸ਼ ਕੁਮਾਰ, ਸੁਖਰਾਜ ਕੌਰ ਅਤੇ ਜੋਤੀ ਸ਼ਰਮਾਂ ਨੇ ਬਾਖੂਬੀ ਨਿਭਾਈ। ਸਨਮਾਨ ਪੱਤਰ ਲੈਕਚਰਾਰ ਕਮਲਪ੍ਰੀਤ ਕੌਰ ਨੇ ਪੜ੍ਹਿਆ। ਸ੍ਰੀ ਮੁੱਲਾਂਪੁਰੀ ਦੀਆਂ ਜੱਥੇਬੰਦਕ ਸਰਗਰਮੀਆਂ ਲਈ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਹੋਰ ਆਗੂਆਂ ਵਲੋਂ ਵੀ ਵਿਸੇਸ ਸਨਮਾਨ ਕੀਤਾ ਗਿਆ। ਸ੍ਰੀ ਮੁੱਲਾਂਪੁਰੀ ਨੇ ਸਕੂਲ ਨੂੰ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿਤੀ। ਸਕੂਲ ਇੰਚਾਰਜ ਜਸਵਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਸਮਾਗਮ ਵਿਚ ਜਗਤਾਰ ਸਿੰਘ ਫੈਜੁਲਾਪੁਰ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਰਾਮ ਸਿੰਘ ਅਲਬੇਲਾ ਅਤੇ ਰਾਜਿੰਦਰ ਸਿੰਘ ਰਾਜਨ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਲੈਕਚਰਾਰ ਬਲਵੀਰ ਸਿੰਘ ਮੁੱਲਾਂਪੁਰੀ ਦਾ ਸਨਮਾਨ ਕਰਦੇ ਹੋਏ ਸਕੂਲ ਇੰਚਾਰਜ਼ ਜਸਵਿੰਦਰ ਸਿੰਘ ਗਰੇਵਾਲ ਅਤੇ ਹੋਰ।