ਕੈਬਨਿਟ ਮੰਤਰੀ ਸੌਂਦ ਨੇ ਨਸ਼ਿਆ ਵਿਰੱਧ ਮੈਰਾਥਨ ਵਿੱਚ ਲਿਆ ਹਿੱਸਾ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਅਦਾਕਾਰ ਕਰਮਜੀਤ ਅਨਮੋਲ, ਬੀਨੂੰ ਢਿੱਲੋਂ, ਦੇਵ ਖਰੌੜ ਅਤੇ ਨਿਸ਼ਾਨੇਬਾਜ਼ ਚੀਮਾ ਨੇ ਵੀ ਲਵਾਈ ਹਾਜ਼ਰੀ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਇੱਥੇ ਕਰਵਾਈ ਮੈਰਾਥਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜਰੁਰੀ ਹੈ ਅਤੇ ਨੌਜਵਾਨਾਂ ਦੀ ਇਸ ਵਿੱਚ ਅਹਿਮ ਭੂਮਿਕਾ ਹੈ ਤੇ ਪੰਜਾਬ ਦੇ ਨੌਜਵਾਨ ਹੁਣ ਇਸ ਬੁਰਾਈ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੈਰਾਥਨ ਵਿੱਚ ਪੁੱਜੇ ਅਦਾਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣ। ਮੈਰਾਥਨ ਕਰਵਾਉਣ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦਾ ਮੁੱਖ ਯੋਗਦਾਨ ਰਿਹਾ। ਇਸ ਮੌਕੇ ਕੌਮਾਂਤਰੀ ਨਿਸ਼ਾਨੇਬਾਜ਼ ਅਰਜੁਨ ਚੀਮਾ ਨੇ ਵੀ ਹਾਜ਼ਰੀ ਲਗਵਾਈ ਤੇ ਨੌਜਵਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਵੀ ਵਿਚਾਰ ਸਾਂਝੇ ਕੀਤੇ। ਦੌੜ ਜਿੱਤਣ ਵਾਲਿਆਂ ਨੂੰ ਇਨਾਮਾਂ ਤੇ ਮੈਡਲਾਂ ਨਾਲ ਨਿਵਾਜਿਆ ਗਿਆ।
ਫੋਟੋ ਕੈਪਸ਼ਨ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਚਾਰ ਪੇਸ਼ ਕਰਦੇ ਹੋਏ।
ਫੋਟੋ ਕੈਪਸ਼ਨ: ਮੈਰਾਥਨ ਸ਼ੁਰੂ ਕਰਵਾਉਦੇ ਹੋਏ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹੋਰ।
ਫੋਟੋ ਕੈਪਸ਼ਨ: ਮੈਰਾਥਨ ਵਿੱਚ ਭਾਗ ਲੈਂਦੇ ਹੋਏ ਨੌਵਜਾਨ।
