
ਆਦਮਪੁਰ ‘ਚ ਦੋ ਕਿਸਾਨਾਂ ਦੀ ਕਣਕ ਸੜ ਕੇ ਹੋਈ ਸੁਆਹ-ਬਲਜੀਤ ਭੁੱਟਾ
ਭਾਰਤ ਮਾਲਾ ਪ੍ਰੋਜੈਕਟ ਦੇ ਕਾਮਿਆਂ ‘ਤੇ ਲਗਾਏ ਅਣਗਹਿਲੀ ਦੇ ਦੋਸ਼
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਇਸ ਜ਼ਿਲ੍ਹੇ ਦੇ ਪਿੰਡ ਆਦਮਪੁਰ ਵਿਚ ਵੈਲਡਿੰਗ ਦੀ ਚੰਗਿਆੜੀ ਤੋਂ ਅੱਗ ਲੱਗਣ ਕਾਰਣ ਦੋ ਕਿਸਾਨਾਂ ਦੀ ਦਰਜਨਾਂ ਏਕੜ ਕਣਕ ਸੜ੍ਹ ਕੇ ਸੁਆਹ ਹੋ ਗਈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਨੁਕਸਾਨ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੋਸ਼ ਲਾਇਆ ਕਿ ਭਾਰਤ ਮਾਲਾ ਪ੍ਰੋਜੈਕਟ ‘ਤੇ ਕੰਮ ਕਰ ਰਹੇ ਕਾਮਿਆਂ ਦੀ ਕਥਿਤ ਅਣਗਹਿਲੀ ਕਾਰਣ ਇਹ ਅੱਗ ਲਗੀ। ਉਸ ਨੇ ਦਸਿਆ ਕਿ ਭਾਰਤ ਮਾਲਾ ਪ੍ਰੋਜੈਕਟ ‘ਤੇ ਕਟਰ ‘ਤੇ ਵੈਲਡਿੰਗ ਨਾਲ ਕੰਮ ਕਰਦੇ ਸਮੇਂ ਨਿਕਲੀ ਚੰਗਿਆੜੀ ਕਾਰਣ ਅੱਗ ਲਗੀ ਜੋਂ ਬਾਅਦ ਵਿਚ ਭਿਆਨਕ ਰੂਪ ਧਾਰ ਗਈ। ਉਸ ਨੇ ਦਸਿਆ ਕਿ ਸਰਹਿੰਦ ਨਹਿਰ ਨਾਲ ਪੁਰਾਣੇ ਖੜੇ ਹਰੇ-ਭਰੇ ਦਰੱਖਤ ਵੀ ਅੱਗ ਨਾਲ ਝੁਲਸੇ ਗਏ। ਪਿੰਡ ਨਬੀਪੁਰ ਦੇ ਲੋਕਾਂ ਨੇ ਬਹੁਤ ਜੱਦੋ ਜਹਿਦ ਕਰਕੇ ਪਿੰਡ ਵਿੱਚ ਅੱਗ ਨੂੰ ਵੜਨ ਤੋਂ ਰੋਕਿਆ ਅਤੇ ਅੱਗ ‘ਤੇ ਕਾਬੂ ਪਾਇਆ। ਸ: ਭੁੱਟਾ ਨੇ ਦੋਸ਼ ਲਾਇਆ ਕਿ ਪੀੜਤਾਂ ਦੀ ਸਹਾਇਤਾ ਲਈ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਅਤੇ ਨਾ ਹੀ ਭਾਰਤ ਮਾਲਾ ਪ੍ਰੋਜੈਕਟ ਦੇ ਠੇਕੇਦਾਰ ਨੇ ਕਿਸਾਨਾਂ ਨਾਲ ਕੋਈ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ‘ਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਤੇ ਪਰਚੇ ਦਰਜ ਕਰਦਾ ਹੈ ਅਤੇ ਥਾਣਿਆਂ ਵਿੱਚ ਕਿਸਾਨਾਂ ਨੂੰ ਬੰਦ ਕੀਤਾ ਜਾਂਦਾ ਹੈ, ਪ੍ਰੰਤੂ ਇਸ ਮਾਮਲੇ ਪ੍ਰਤੀ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਪਏ ਰਹੇ। ਉਨ੍ਹਾਂ ਮੰਗ ਕੀਤੀ ਕਿ ਕਣਕ ਦੇ ਹੋਏ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਕਣਕ ਦੀ ਲਾੜ ਦਾ 3 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਮੁਆਵਜਾ ਦਿਤਾ ਜਾਵੇ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਭਾਰਤ ਮਾਲਾ ਪ੍ਰੋਜੈਕਟ ਦੇ ਅਧਿਕਾਰੀਆਂ ਨੇ ਕਿਸਾਨਾਂ ਦਾ ਮਸਲਾ 7 ਦਿਨ ਦੇ ਅੰਦਰ-ਅੰਦਰ ਹੱਲ ਨਾ ਕੀਤਾ ਤਾਂ ਇਨਸਾਫ ਲੈਣ ਲਈ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ, ਗੁਰਮੁੱਖ ਸਿੰਘ, ਲਖਵੀਰ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਮੋਹਣ ਸਿੰਘ, ਜਸਪ੍ਰੀਤ ਸਿੰਘ, ਦਰਸ਼ਨ ਸਿੰਘ, ਪ੍ਰੀਤ ਸਿੰਘ ਜਲਵੇੜਾ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਬਾੜਾ, ਬਹਾਦਰ ਸਿੰਘ ਅਤੇ ਦਮਨਜੋਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨਕਸਾਨੇ ਖੇਤਾਂ ਵਿਚ ਜਾ ਕੇ ਕਿਸਾਨਾਂ ਸਮੇਤ ਜਾਣਕਾਰੀ ਦਿੰਦੇ ਹੋਏ।