ਹਸਪਤਾਲਾ ‘ਚ ਆਯੂਸ਼ਮਾਨ ਕਾਰਡ ਨਾਲ ਇਲਾਜ ਨਾ ਹੋਣ ਕਾਰਣ ਪ੍ਰਧਾਨ ਮੰਤਰੀ ਤੇ ਮੁਖ ਮੰਤਰੀ ਪਾਸ ਲਾਈ ਗੁਹਾਰ

ਪਿੰਡ ਉਚੀ ਰੁੜਕੀ ਦੇ ਸਿੰਗਾਰਾ ਸਿੰਘ ਨੇ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਤੇ ਲਗਾਏ ਗੰਭੀਰ ਦੋਸ਼

ਅਮਲੋਹ,(ਅਜੇ ਕੁਮਾਰ)

ਅਮਲੋਹ ਸਬ ਡਵੀਜਨ ਦੇ ਪਿੰਡ ਉਚੀ ਰੁੜਕੀ ਦੇ ਵਸਨੀਕ ਸਿੰਗਾਰਾ ਸਿੰਘ ਪੁੱਤਰ ਛੋਟਾ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜ ਕੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਅਮਲੋਹ, ਫ਼ਤਹਿਗੜ੍ਹ ਸਾਹਿਬ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਵਲੋਂ ਉਨ੍ਹਾਂ ਪਾਸ ਆਯੂਸਮਾਨ ਕਾਰਡ ਹੋਣ ਦੇ ਬਾਵਜੂਦ ਉਸ ਦੀ ਪਤਨੀ ਗੁਰਮੀਤ ਕੌਰ ਦਾ ਇਲਾਜ਼ ਨਹੀਂ ਕੀਤਾ ਜਿਸ ਕਾਰਣ ਉਸ ਨੂੰ ਮਹਿੰਗੇ ਭਾਅ ਵਿਚ ਪ੍ਰਾਈਵੇਟ ਹਸਪਤਾਲਾਂ ਵਿਚੋ ਇਲਾਜ ਕਰਵਾਉਂਣ ਲਈ ਮਜਬੂਰ ਹੋਣਾ ਪਿਆ। ਉਸ ਨੇ ਦੋਸ ਲਾਇਆ ਕਿ ਹਸਪਤਾਲ ਵਿਚ ਮੌਜੂਦ ਅਮਲੇ ਨੇ ਉਸ ਨੂੰ ਸਪਸ਼ਟ ਕਹਿ ਦਿਤਾ ਕਿ ਆਯੁਸਮਾਨ ਕਾਰਡ ਨਹੀਂ ਚਲਦਾ। ਉਸ ਨੇ ਦਸਿਆ ਕਿ ਜਦੋ ਉਸ ਨੇ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਲਿਖਤੀ ਸਿਕਾਇਤ ਕੀਤੀ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਉਸ ਉਪਰ ਰਾਜੀਨਾਮਾ ਕਰਨ ਲਈ ਦਬਾਅ ਪਾਉਂਣ ਦੀ ਕੋਸਿਸ ਕੀਤੀ ਅਤੇ ਡਰਾਇਆ ਧਮਕਾਇਆ ਵੀ ਗਿਆ। ਉਸ ਨੇ ਦੋਸ਼ ਲਾਇਆ ਕਿ ਮਾਮਲੇ ਦੀ ਜਾਂਚ ਸਬੰਧੀ ਵਿਭਾਗ ਵਲੋਂ ਉਸ ਨੂੰ ਇਕ ਪੱਤਰ ਮਿਲਿਆ ਜਿਸ ਵਿਚ ਸਿਰਫ਼ ਅਮਲੋਹ ਹਸਪਤਾਲ ਦਾ ਨਾਮ ਦਰਜ ਕੀਤਾ ਗਿਆ ਜਦੋ ਕਿ ਇਸ ਦੇ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਵੀ ਜੁਮੇਵਾਰ ਹਨ। ਉਸ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾ ਕੇ ਇਸ ਦੇ ਲਈ ਜੁਮੇਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋ ਡਿਪਟੀ ਮੈਡੀਕਲ ਕਮਿਸਨਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਸ੍ਰੀ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਪੁਰਾਣਾ ਉਸ ਦੇ ਆਉਂਣ ਤੋਂ ਪਹਿਲਾ ਦਾ ਹੈ, ਇਸ ਲਈ ਉਸ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ।

*ਫ਼ੋਟੋ ਕੈਪਸਨ: ਪੀੜਤ ਸਿੰਗਾਰਾ ਸਿੰਘ ਰੁੜਕੀ ਉਚ ਅਧਿਕਾਰੀਆਂ ਨੂੰ ਭੇਜੀ ਸਿਕਾਇਤ ਦੀ ਕਾਪੀ ਵਿਖਾਉਂਦਾ ਹੋਇਆ।*

Leave a Comment