ਪੁਲਿਸ-ਪਬਲਿਕ ਦੇ ਸਬੰਧ ਸੁਖਾਵੇਂ ਬਣਾਉਣ ਲਈ ਸ਼ੁਰੂ ਕੀਤੇ ‘ਮਿਸ਼ਨ ਸੰਪਰਕ’ ਦੇ ਆ ਨੇ ਰਹੇ ਸਾਰਥਕ ਨਤੀਜੇ-ਭੁੱਲਰ

ਜ਼ਿਲ੍ਹਾ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਤਹਿਤ ਸਰਹਿੰਦ ਵਿਖੇ ਕਰਵਾਈ ਪੁਲਿਸ ਪਬਲਿਕ ਮੀਟਿੰਗ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਪੂਰਾ ਕਰਨ ਲਈ ਐਂਟੀ ਡਰੱਗ ਹੈਲਪ ਲਾਇਨ 9779-100-200 ਅਤੇ ਵਟਸਐਪ ਚੈਟਬੋਟ ਸ਼ੁਰੂ ਕੀਤਾ ਹੈ। ਸਰਕਾਰ ਦੀ ਇਹ ਪਹਿਲ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਪੁਲਿਸ ਦੀ ਮਦਦ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਹੈਲਪ ਲਾਇਨ ਤੇ ਚੈਟਬੋਟ ਰਾਹੀਂ ਲੋਕ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਬਾਰੇ ਪੁਲਿਸ ਨੂੰ ਰਿਪੋਰਟ ਜਾਂ ਮਦਦ ਮੰਗ ਸਕਦੇ ਹਨ ਅਤੇ ਇਲਾਜ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਸੁਵਿਧਾ ਗੁਪਤੱਤਾ (ਪ੍ਰਾਈਵੇਸੀ) ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਆਪਣੀਆਂ ਸਮੱਸਿਆਵਾਂ ਪੁਲਿਸ ਨਾਲ ਸਾਂਝੀਆਂ ਕਰ ਸਕਣ। ਇਹ ਜਾਣਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਵਿੱਚ ਲੋਕਾਂ ਦੇ ਸਹਿਯੋਗ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਸੰਪਰਕ ਤਹਿਤ ਸਰਹਿੰਦ ਵਿਖੇ ਕਰਵਾਈ ਪੁਲਿਸ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਜਿਥੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਉਥੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਮੁਫਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਮਾਜ ਅੰਦਰ ਚੰਗੇ ਸ਼ਹਿਰੀ ਵਜੋਂ ਜਿੰਦਗੀ ਜਿਉਣ ਦਾ ਮੌਕਾ ਵੀ ਦੇ ਰਹੀ ਹੈ ਤਾਂ ਜੋ ਨਸ਼ਿਆਂ ਦਾ ਖਾਤਮਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀਆਂ ਮਾੜੀਆਂ ਆਦਤਾਂ ਬਾਰੇ ਖੁਲ੍ਹ ਕੇ ਪੁਲਿਸ ਨਾਲ ਤਾਲਮੇਲ ਕਰਨ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਮਿਸ਼ਨ ‘ਸੰਪਰਕ’ ਲੋਕਾਂ ਅਤੇ ਪੁਲਿਸ ਦੇ ਸਬੰਧਾਂ ਵਿੱਚ ਹੋਰ ਮਜਬੂਤੀ ਲਿਆਉਣ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਆਮ ਨਾਗਰਿਕ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਨਸ਼ਿਆਂ ਦੇ ਸੌਦਾਗਰਾਂ ਬਾਰੇ ਸੂਚਨਾ ਦੇ ਸਕਣ। ਉਨ੍ਹਾਂ ਸਾਈਬਰ ਕਰਾਇਮ ਤੋਂ ਬਚਣ ਲਈ ਆਪਣਾ ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਗੱਲ ਆਖੀ। ਇਸ ਮੌਕੇ ਐਸਪੀ(ਡੀ) ਰਾਕੇਸ਼ ਯਾਦਵ, ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ, ਹਰਿਤੇਸ਼ ਕੌਸ਼ਿਕ, ਨਿਖਿਲ ਗਰਗ, ਥਾਣਾ ਸਰਹਿੰਦ ਦੇ ਐਸਐਚਓ ਸੰਦੀਪ ਸਿੰਘ, ਥਾਣਾ ਮੂਲੇਪੁਰ ਦੇ ਐਸਐਚਓ ਰਾਜਵੰਤ ਸਿੰਘ, ਥਾਣਾ ਫਤਹਿਗੜ੍ਹ ਸਾਹਿਬ ਦੇ ਐਸਐਚਓ ਮਲਕੀਤ ਸਿੰਘ ਅਤੇ ਚੌਂਕੀ ਸਰਹਿੰਦ ਦੇ ਇੰਚਾਰਜ ਸੰਜੀਵ ਕੁਮਾਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਡੀਆਈਜੀ ਹਰਚਰਨ ਸਿੰਘ ਭੁੱਲਰ ਇਕਤਰਤਾ ਨੂੰ ਸੰਬੋਧਨ ਕਰਦੇ ਹੋਏ।

ਫ਼ੋਟੋ ਕੈਪਸਨ: ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਜ਼ਿਲ੍ਹਾ ਪੁਲੀਸ ਮੁੱਖੀ ਡਾ.ਰਵਜੋਤ ਗਰੇਵਾਲ।

Leave a Comment