ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਚੁੰਨੀ ਕਲਾਂ ਵਿਖੇ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਂਡੂ ਖੇਤਰ ਦੀਆਂ ਗਰੀਬ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ‘ਪਹਿਲ’ ਪ੍ਰੋਜੈਕਟ ਦਿਹਾਤੀ ਖੇਤਰ ਦੀਆਂ ਔਰਤਾਂ ਦਾ ਆਰਥਿਕ ਪੱਧਰ ਮਜਬੂਤ ਕਰਨ ਵਿੱਚ ਸਹਾਈ ਸਿੱਧ ਹੋ ਰਿਹਾ ਜਿਸ ਨਾਲ ਜੁੜ ਕੇ ਕਈ ਔਰਤਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗੇ ਢੰਗ ਨਾਲ ਪਾਲਣ ਪੋਸ਼ਣ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਚੁੰਨੀ ਕਲਾਂ ਦੇ ਪੰਚਾਇਤ ਘਰ ਵਿਚ ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਦਸਿਆ ਕਿ ਪ੍ਰੋਜੈਕਟ ਅਧੀਨ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਵੱਲੋਂ ਸਟੇਟ ਤੋਂ ਮਿਲੇ 10 ਹਜ਼ਾਰ ਵਰਦੀਆਂ ਦੇ ਆਰਡਰ ਅਨੁਸਾਰ 10,400 ਵਰਦੀਆਂ ਤਿਆਰ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ 28 ਹਜ਼ਾਰ 559 ਵਰਦੀਆਂ ਗਰੁੱਪਾਂ ਦੀਆਂ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਇਸ ਦੂਜੇ ਸਿਲਾਈ ਸੈਂਟਰ ਨਾਲ ਇਲਾਕੇ ਦੀਆਂ ਔਰਤਾਂ ਨੂੰ ਘਰ ਬੈਠੇ ਹੀ ਰੋਜ਼ਗਾਰ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਅੰਦਰ ਔਰਤਾਂ ਦਾ ਆਪਣੇ ਪੈਰ੍ਹਾਂ ਤੇ ਖੜ੍ਹੇ ਹੋਣਾ ਜਰੂਰੀ ਹੈ, ਜਿਸ ਲਈ ਪ੍ਰਸ਼ਾਸ਼ਨ ਵੱਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਆਰਿਥਕ ਪੱਖੋਂ ਮਜਬੂਤ ਕਰਨ ਲਈ ਪ੍ਰੋਜੈਕਟ ਦੇ ਦੂਜੇ ਪੜਾਅ ਹੇਠ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਪੰਜਾਬ ਪੁਲਿਸ ਦੀਆਂ ਵਰਦੀਆਂ ਅਤੇ ਹੋਰ ਸਰਕਾਰੀ ਵਿਭਾਗਾਂ ਦੀਆਂ ਵਰਦੀਆਂ ਬਣਾਉਣ ਸਬੰਧੀ ਵੀ ਕਾਰਵਾਈ ਜਾਰੀ ਹੈ। ਇਸ ਮੌਕੇ ਮਨਪ੍ਰੀਤ ਸਿੰਘ ਡੀਪੀਐਮ, ਹਰਵਿੰਦਰ ਸਿੰਘ ਐਸਆਰਪੀ, ਅਮਰਜੀਤ ਕੌਰ ਸੀਐਲਐਫ ਮੈਨੇਜਰ ਅਤੇ ਚੁੰਨੀ ਕਲਾਂ ਦੇ ਸਰਪੰਚ ਕੇਸਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸੈਲਫ਼ ਹੈਲਪ ਗਰੁੱਪ ਦੀਆਂ ਔਰਤਾਂ ਵਧੀਕ ਡਿਪਟੀ ਕਮਿਸਨਰ ਦਾ ਸਵਾਗਤ ਕਰਦੀਆਂ ਹੋਈਆਂ।*
*ਫ਼ੋਟੋ ਕੈਪਸਨ: ਵਧੀਕ ਡਿਪਟੀ ਕਮਿਸਨਰ ਸੁਰਿੰਦਰ ਸਿੰਘ ਧਾਲੀਵਾਲ ਕੈਪ ਦਾ ਉਦਘਾਟਨ ਕਰਦੇ ਹੋਏ।*